ਭਾਰਤ ਦੇ ਸਿਰਮੌਰ ਵਿੱਦਿਅਕ ਅਦਾਰਿਆਂ ਵਿੱਚ ਆਪਣੀ ਸਾਖ ਰੱਖਦਾ, ਸਰਕਾਰੀ ਕਾਲਜ, ਹੁਸ਼ਿਆਰਪੁਰ 1927 ਈ: ਵਿੱਚ ਸਥਾਪਿਤ ਹੋਇਆ। ਇਸ ਸੰਸਥਾ ਨੂੰ ਅੱਜ ਵੀ ਲੋਕ ਸੇਵਾ ਆਯੋਗ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ।
ਕਦੇ ਪੰਜਾਬ ਯੂਨੀਵਰਸਿਟੀ ਕਾਲਜ ਰਹੇ ਅਤੇ ਹੁਣ ਇਸ ਦੇ ਕਾਰਜ ਖੇਤਰ ਵਿੱਚ ਆਉਂਦੇ, ਪੰਜਾਬ ਸਰਕਾਰ ਦੇ ਇਸ ਕਾਲਜ ਵਿੱਚ ਗਿਆਰਾਂ ਵਿਸ਼ਿਆਂ ਵਿੱਚ ਪੋਸਟ ਗ੍ਰੇਜੂਏੇਸ਼ੇਨ ਦੇ ਨਾਲ-ਨਾਲ ਪੀ.ਜੀ.ਡੀ.ਸੀ.ਏ., ਬੀ.ਏ., ਬੀ.ਐਸ.ਸੀ. (ਜਨਰਲ), ਬੀ. ਐਸ. ਸੀ. (ਐਗਰੀਕਲਚਰ), ਬੀ. ਸੀ. ਏ., ਬੀ. ਕਾਮ ਦੀ ਪੜ੍ਹਾਈ ਹੁੰਦੀ ਹੈ।
ਕਾਲਜ ਸ਼ਹਿਰ ਦੇ ਫਗਵਾੜਾ ਰੋਡ ਤੇ ਸਥਿਤ ਹੈ। ਇਸ ਦਾ ਓਪਨ ਏਅਰ ਥੀਏਟਰ, ਅਸੈਂਬਲੀ ਹਾਲ, ਖੁੱਲ੍ਹੇ ਖੇਡ ਮੈਦਾਨ, ਸਾਇੰਸ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਬ, ਲਾਅਨ, ਲਾਇਬ੍ਰੇਰੀ, ਮਲਟੀਮੀਡੀਆ ਸੁਸ਼ੋਭਿਤ ਕਲਾਸ ਰੂਮ, ਪਲੇਸਮੈਂਟ ਸੈੱਲ ਆਦਿ ਇਸ ਦੀ ਵਿਲੱਖਣਤਾ ਦਰਸਾਉਂਦੇ ਹਨ।
ਇਸ ਸਾਲ ਕਾਲਜ ਆਪਣੀ ਸਥਾਪਤੀ ਦੇ 95ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸਥਾਪਤੀ ਵਰ੍ਹੇ ਤੋਂ ਹੁਣ ਤੱਕ ਇਸ ਕਾਲਜ ਨੇ ਸਮਾਜ ਨੂੰ ਅਨੇਕਾਂ ਹੀ ਨਾਮਵਰ ਅਫ਼ਸਰ, ਪ੍ਰਸ਼ਾਸਕ, ਉੱਘੇ ਸਨਅਤਕਾਰ, ਵਪਾਰੀ, ਸਮਾਜ ਸੇਵੀ, ਕਲਾਕਾਰ, ਵਿਦਵਾਨ ਅਤੇ ਲੇਖਕ ਦਿੱਤੇ ਹਨ।
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ‘ਰਾਸ਼ਟਰੀ ਉੱਚਤਰ ਸ਼ਿਕਸ਼ਾ ਅਭਿਆਨ’ (ਰੂਸਾ) ਯੋਜਨਾ ਅਧੀਨ ਇਸ ਕਾਲਜ ਨੂੰ ਮਾਡਲ ਕਾਲਜ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਅਧੀਨ ਕਾਲਜ ਨੂੰ ਹੋਰ ਬਿਹਤਰ ਸਾਜੋ ਸਾਮਾਨ ਮੁਹੱਈਆ ਕਰਨਾ, ਨਵੀਂ ਇਮਾਰਤ ਦੀ ਉਸਾਰੀ ਕਰਨਾ, ਮੌਜੂਦਾ ਇਮਾਰਤ ਦੀ ਮੁਰੰਮਤ ਅਤੇ ਸੁੰਦਰੀਕਰਨ ਕਰਨਾ ਸ਼ਾਮਲ ਹੈ। ਇਸ ਯੋਜਨਾ ਅਧੀਨ ਕਾਲਜ ਵਿੱਚ ‘ਰੂਸਾ ਬਲਾਕ’ ਦੀ ਉਸਾਰੀ ਕੀਤੀ ਗਈ ਹੈ। ਕਾਨਫਰੰਸ ਹਾਲ, ਫਿਨਿਸ਼ਿੰਗ ਸਕੂਲ, ਵਰਚੂਅਲ ਕਲਾਸ ਰੂਮ ਅਤੇ ਸਮਾਰਟ ਕਲਾਸ ਰੂਮ ਦੀ ਸਥਾਪਨਾ ਕੀਤੀ ਗਈ ਹੈ। ਇਸ ਸਾਲ ਤੋਂ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਨਵੇਂ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਸ਼ਾਮਿਲ ਕੀਤੇ ਗਏ ਹਨ। ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਫਰੀ ਵਾਈ-ਫਾਈ ਇੰਨਟਰਨੈਟ ਕੁਨੈਕਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੜਕੀਆਂ ਲਈ ਸਿੱਖਿਆ ਪ੍ਰਾਪਤ ਕਰਨ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਇਸ ਕਾਲਜ ਦਾ ਇਕ ਮਿਸ਼ਨ ਹੈ। ਵੱਖ-ਵੱਖ ਖੇਤਰਾਂ ਵਿਚ ਕੰਪਿਊਟਰ ਯੁੱਗ ਦੇ ਮੁਕਾਬਲੇ ਭਰੇ ਦੌਰ ਵਿਚ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਕੰਪਿਊਟਰੀਕ੍ਰਿਤ ਸਹੂਲਤਾਂ ਨਾਲ ਸਮੇਂ ਦੇ ਹਾਣੀ ਬਨਾਉਣ ਲਈ ਸਿੱਖਿਅਤ ਕਰਨਾ ਇਸ ਸੰਸਥਾ ਦਾ ਮੁੱਖ ਮੰਤਵ ਹੈ।